Wednesday, September 4, 2013

ਰੂੜ੍ਹੀਵਾਦੀ ਸਮਾਜ ਅਤੇ ਲੂਣਾ ਦਾ ਦਰਦ

ਡਾ. ਮਨਦੀਪ ਕੌਰ ਬਚਪਨ ਵਿੱਚ ਦਾਦੇ-ਦਾਦੀ ਦੀ ਗੋਦ ਵਿੱਚ ਬੈਠ ਕੇ ਜਦੋਂ ਮੈਂ ਪੂਰਨ ਭਗਤ ਦਾ ਕਿੱਸਾ ਸੁਣਿਆ ਕਰਦੀ ਸੀ ਤਾਂ ਲੂਣਾ ਦਾ ਕਿਰਦਾਰ ਇੱਕ ਚਰਿੱਤਰਹੀਣ ਖਲਨਾਇਕਾ ਦੀ ਤਰ੍ਹਾਂ ਮੇਰੇ ਬਾਲ ਮਨ ਉੱਤੇ ਉਕਰਿਆ ਗਿਆ। ਫਿਰ ਜਦੋਂ ਸਿਲੇਬਸ ਦੀਆਂ ਕਿਤਾਬਾਂ ਵਿੱਚੋਂ ਪੜ੍ਹਨ-ਸੁਣਨ ਨੂੰ ਮਿਲਿਆ ਕਿ “ਲੂਣਾ” ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਪਹਿਲੀ ਵਾਰ ਕਿਸੇ ਨੇ ਲੂਣਾ ਦਾ ਪੱਖ ਪੂਰਿਆ ਹੈ ਤਾਂ ਇਹ ਗੱਲ ਧੁਰ ਅੰਦਰ ਤੱਕ ਬੇਯਕੀਨੀ ਜਿਹੀ ਪੈਦਾ ਕਰਦੀ ਰਹਿੰਦੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਖਲਨਾਇਕਾ, ਉਹ ਵੀ ਚਰਿੱਤਰਹੀਣ, ਨੂੰ ਪੰਜਾਬੀ ਦੇ ਸਿਰਮੌਰ ਕਵੀ ਵੱਲੋਂ ਨਿਰਦੋਸ਼ ਸਾਬਤ ਕੀਤਾ ਗਿਆ ਹੋਵੇ ਤੇ ਸਾਡੇ ਸਮਾਜ ਨੇ ਉਸ ਰਚਨਾ ਨੂੰ ਪ੍ਰਵਾਨ ਕਰ ਲਿਆ ਹੋਵੇ।¢ ਅੱਜ ਤੋਂ ਦੋ ਕੁ ਵਰ੍ਹੇ ਪਹਿਲਾਂ ਜਦੋਂ ਮੇਰਾ ਖੁਦ ਦਾ ‘ਲੂਣਾ‘ ਪੜ੍ਹਨ ਦਾ ਸਬੱਬ ਬਣਿਆ ਤਾਂ ਮਹਿਸੂਸ ਹੋਇਆ ਕਿ ਇਹ ਤਾਂ ਸੱਚਮੁੱਚ ਹੀ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਰਚਨਾ ਹੈ। ਕਿੰਨੀ ਖੂਬਸੂਰਤੀ ਨਾਲ਼ ਕਵੀ ਨੇ ਔਰਤ ਦੀ ਤਰਾਸਦੀ ਲਈ ਜ਼ਿੰਮੇਵਾਰ ਕੁਝ ਰਸਮਾਂ-ਰਿਵਾਜਾਂ ਅਤੇ ਸਮਾਜਿਕ ਬੁਰਾਈਆਂ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ। ਬਹੁਤ ਹੀ ਕਲਾ ਅਤੇ ਸੁਹਜ ਨਾਲ਼ ਔਰਤ ਜਾਤ ਦੀ ਉਸ ਵੇਦਨਾ ਨੂੰ ਸ਼ਬਦ ਦਿੱਤੇ ਗਏ ਹਨ, ਜਿਸ ਨੂੰ ਕਿ ਅਕਸਰ ਉਹ ਸਮਾਜ ਦੇ ਰਸਮਾਂ-ਰਿਵਾਜਾਂ ਵਿੱਚ ਜਕੜੀ ਹੋਈ, ਬੁੱਲ੍ਹਾਂ ਤੱਕ ਲੈ ਕੇ ਆਉਣ ਤੋਂ ਡਰਦੀ ਹੈ। ਭਾਰਤ ਜਿਹੇ ਕਹਿੰਦੇ ਕਹਾਉਂਦੇ ਸੱਭਿਅਕ ਦੇਸ਼ ਵਿੱਚ ਔਰਤ ਦੀ ਕਹਾਣੀ ਨੂੰ ਲੂਣਾ ਦੇ ਪਾਤਰਾਂ ਦੇ ਮੂੰਹੋਂ ਬਾਖੂਬੀ ਬਿਆਨ ਕਰਵਾਇਆ ਗਿਆ ਹੈ। ਕਹਾਣੀ ਦੀ ਸ਼ੁਰੂਆਤ ਪਹਾੜੀ ਸ਼ਹਿਰ ਚੰਬੇ ਦੀਆਂ ਖੂਬਸੂਰਤ ਵਾਦੀਆਂ ਦੀ ਬਾਤ ਪਾਉਂਦਿਆਂ ਸੂਤਰਧਾਰ ਅਤੇ ਨਟੀ ਦੇ ਰੋਮਾਂਚਿਕ ਵਾਰਤਾਲਾਪ ਤੋਂ ਹੁੰਦੀ ਹੈ। ਚੰਬੇ ਸ਼ਹਿਰ ਵਿੱਚ ਰਾਜੇ ਵਰਮਨ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੁੰਦਾ ਹੈ, ਜਿਸ ਵਿੱਚ ਕੋਟ ਸਿਆਲ ਦਾ ਰਾਜਾ ਸਲਵਾਨ, ਜੋ ਕਿ ਰਾਜੇ ਵਰਮਨ ਦਾ ਧਰਮ ਦਾ ਭਰਾ ਬਣਿਆ ਹੋਇਆ ਹੈ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਉਂਦਾ ਹੈ। ਰਾਜਾ ਸਲਵਾਨ ਉਸ ਸਮਾਗਮ ਵਿੱਚ ਆਈ ਹੋਈ ਇਕ ਸੁੰਦਰ ਤੇ ਚੰਚਲ ਸੁਭਾਅ ਦੀ ਮੁਟਿਆਰ ਦੇ ਹੁਸਨ ’ਤੇ ਮੋਹਿਤ ਹੋ ਜਾਂਦਾ ਹੈ¢ ਅਗਲੀ ਸਵੇਰ ਉਹ ਆਪਣੇ ਮਨ ਦੀ ਗੱਲ ਰਾਜੇ ਵਰਮਨ ਨਾਲ਼ ਸਾਂਝੀ ਕਰਦਾ ਹੈ ਕਿ ਉਹ ਉਸ ਮੁਟਿਆਰ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹੈ। ਵਰਮਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਲੂਣਾ ਨਾਮ ਦੀ ਉਹ ਕੁੜੀ ਇੱਕ ਸ਼ੂਦਰ ਦੀ ਧੀ ਹੈ, ਇਸ ਲਈ ਰਾਣੀ ਬਣਨ ਦੇ ਕਾਬਲ ਨਹੀਂ।ਪਰ ਜਿਵੇਂ ਕਿਵੇਂ ਸਲਵਾਨ ਉਸ ਨੂੰ ਆਪਣੀ ਪਹਿਲੀ ਪਤਨੀ ਇੱਛਰਾਂ ਨੂੰ ਰੂਪ ਵਿਹੂਣੀ ਦੱਸ ਕੇ ਅਤੇ ਮੁਹੱਬਤ ਨੂੰ ਜਾਤਾਂ-ਪਾਤਾਂ ਤੋਂ ਉੱਪਰ ਹੋਣ ਦਾ ਵਾਸਤਾ ਪਾ ਕੇ ਮਨਾ ਲੈਂਦਾ ਹੈ। ਵਰਮਨ ਤੇ ਉਸ ਦੀ ਪਤਨੀ ਦੀਆਂ ਕੋਸ਼ਿਸ਼ਾਂ ਨਾਲ਼ ਰਾਜਾ ਸਲਵਾਨ ਅਤੇ ਲੂਣਾ ਦਾ ਵਿਆਹ ਤੈਅ ਹੋ ਜਾਂਦਾ ਹੈ। 16-17 ਸਾਲ ਦੀ ਅੱਲ੍ਹੜ ਉਮਰ ਦੀ ਖੂਬਸੂਰਤ ਨਾਜ਼ੁਕ ਜਿਹੀ ਕੁੜੀ ਉਸ ਦੀ ਬਾਪ ਦੀ ਉਮਰ ਦੇ ਸਲਵਾਨ ਨਾਲ਼ ਆਪਣੇ ਬੇਜੋੜ ਵਿਆਹ ਤੋਂ ਨਾਖੁਸ਼ ਹੈ। ਗ਼ੁਰਬਤ ਦੀ ਜ਼ਿੰਦਗੀ ਜੀਅ ਰਹੇ ਉਸ ਦੇ ਸ਼ੂਦਰ ਬਾਪ ਬਾਰੂ ਨੂੰ ਲਾਲਚ ਜਾਂ ਫਿਰ ਮਜਬੂਰੀਵੱਸ ਇਸ ਰਿਸ਼ਤੇ ਲਈ ਸਹਿਮਤ ਹੋਣਾ ਹੀ ਪੈਂਦਾ ਹੈ। ਵਿਆਹ ਤੋਂ ਬਾਅਦ ਅਤੇ ਵਿਦਾਈ ਤੋਂ ਪਹਿਲਾਂ ਲੂਣਾ ਆਪਣੇ ਦਿਲ ਦਾ ਦਰਦ ਆਪਣੀ ਸਹੇਲੀ ਈਰਾ ਨਾਲ਼ ਸਾਂਝਾ ਕਰਦੀ ਹੈ। ਹਰ ਬਾਬਲ ਵਰ ਢੂੰਡਣ ਜਾਵੇ, ਹਰ ਅਗਨੀ ਦੇ ਮੇਚ। ਹਰ ਅੱਗ ਹੀ ਛੱਡ ਜਾਵੇ ਸਈ, ਹਰ ਬਾਬਲ ਦਾ ਦੇਸ। ਨੀਂ ਮੈਂ ਅੱਗ ਟੁਰੀ ਪ੍ਰਦੇਸ। ਪਰ ਸਈ ਮੈਂ ਕੈਸੀ ਅੱਗ ਹਾਂ ਕੈਸੇ ਮੇਰੇ ਲੇਖ। ਜੋ ਬਾਬਲ ਵਰ ਢੂੰਡ ਲਿਆਇਆ ਸੋ ਨਾ ਆਇਆ ਮੇਚ। ਨੀਂ ਮੈਂ ਅੱਗ ਟੁਰੀ ਪ੍ਰਦੇਸ।¢ ਈਰਾ ਉਸ ਨੂੰ ਸਮਝਾਉਂਦੀ ਹੈ ਕਿ ਸਾਡੇ ਸਮਾਜ ਵਿੱਚ ਔਰਤ ਵੱਲੋਂ ਆਪਣੇ ਵਿਆਹ ਸਬੰਧੀ ਪਸੰਦ ਜਾਂ ਨਾਪਸੰਦ ਲਈ ਜ਼ੁਬਾਨ ਖੋਲ੍ਹਣਾ ਜਾਂ ਬਗਾਵਤ ਕਰਨਾ ਅਧਰਮ ਹੈ। ਅੱਗ ਦਾ ਧਰਮ ਸਦਾ ਹੈ ਬਲਣਾ, ਕਦੇ ਬਗਾਵਤ ਕਰਦੀ ਨਾਹੀਂ। ਚਾਹੇ ਪੂਜਾ ਲਈ ਕੋਈ ਬਾਲੇ, ਜਾਂ ਕੋਈ ਬਾਲੇ ਵਿੱਚ ਕੁਰਾਹੀਂ। ਇਸ ਦੇ ਜਵਾਬ ਵਿੱਚ ਲੂਣਾ ਅਖੌਤੀ ਧਰਮਾਂ ਤੇ ਰਿਵਾਜਾਂ ’ਤੇ ਚੋਟ ਕਰਦੀ ਹੋਈ ਕਹਿੰਦੀ ਹੈ: ਸੁਣ ਸਖੀਏ ਨੀ ਭੈਣਾਂ ਈਰੇ, ਭਰਮ ਦਾ ਪਿੰਡਾ ਕਿੰਜ ਕੋਈ ਚੀਰੇ। ਭਰਮ ਤਾਂ ਸਾਡੇ ਧਰਮਾਂ ਜਾਏ, ਜਿਨ੍ਹਾਂ ਸਾਡੇ ਕੂਲੇ ਪੈਰੀਂ, ਸ਼ਰਮਾਂ ਵਾਲੇ ਸੰਗਲ ਪਾਏ, ਜੋ ਨਾ ਸਾਥੋਂ ਜਾਨ ਛੁਡਾਏ, ਮਰਯਾਦਾ ਦੇ ਕਿਲੇ ਬੱਝੀ, ਢੋਰਾ ਵਾਕਣ ਰੂਹ ਕੁਰਲਾਏ ਪਰ ਨਾ ਕਿੱਲੇ ਜਾਣ ਪੁਟਾਏ ਤੇ ਇਹ ਨਿਰਸਫਲ ਯਤਨ ਅਸਾਡਾ ਸਾਡੀ ਹੀ ਕਿਸਮਤ ਕਹਿਲਾਏ। ਮਥੁਰੀ ਲੂਣਾ ਨੂੰ ਲਾਲਚ ਦੇ ਕੇ ਵਰਚਾਉਣਾ ਚਾਹੁੰਦੀ ਹੈ ਕਿ ਤੈਨੂੰ ਹੋਰ ਕੀ ਚਾਹੀਦਾ ਹੈ ਤੈਨੂੰ ਤਾਂ ਇਕ ਅਛੂਤ ਨੂੰ ਰਾਜੇ ਨੇ ਆਪਣੇ ਮਹਿਲਾਂ ਦੀ ਰਾਣੀ ਬਣਾ ਦਿੱਤਾ ਹੈ। ਇਸ ’ਤੇ ਲੂਣਾ ਤੜਪ ਕੇ ਕਹਿੰਦੀ ਹੈ: ਮੈਨੂੰ ਭਿੱਟ-ਅੰਗੀ ਨੂੰ ਭਿੱਟ-ਅੰਗਾ ਵਰ ਦੇਵੋ ਮੋੜ ਲਵੋ ਇਹ ਫੁੱਲ ਤਲੀ ਸੂਲਾਂ ਧਰ ਦੇਵੋ। ਲੂਣਾ ਤੁਰਨ ਵੇਲੇ ਤੱਕ ਵਾਸਤੇ ਪਾਉਂਦੀ ਰਹਿੰਦੀ ਹੈ ਕਿ ਇਸ ਵਿਆਹ ਵਿੱਚ ਮੇਰੀ ਖੁਸ਼ੀ ਨਹੀਂ ਹੈ, ਮੈਨੂੰ ਚਾਹੇ ਮੇਰੀ ਜਾਤ ਦਾ ਗਰੀਬ ਵਰ ਲੱਭ ਦੇਵੋ ਪਰ ਉਹ ਮੇਰੇ ਜਜ਼ਬਾਤਾਂ ਦੇ ਹਾਣ ਦਾ ਤਾਂ ਹੋਵੇ। ਪਰ ਉਸ ਦੇ ਤਰਲਿਆਂ ਨੂੰ ਹਰ ਕਿਸੇ ਨੇ ਔਰਤ ਧਰਮ ਦਾ ਪਾਲਣ ਕਰਨ ਦਾ ਵਾਸਤਾ ਪਾ ਕੇ ਅਣਗੌਲਿਆਂ ਕਰ ਦਿੱਤਾ। ਬਾਰੂ ਬਾਬਲ ਨੇ ਵੀ ਆਪਣੀ ਗੁਰਬਤ ਦੀ ਬੇਵਸੀ ਜ਼ਾਹਰ ਕਰਕੇ ਉਸ ਨੂੰ ਵਿਦਾ ਕਰ ਦਿੱਤਾ। ਉਸ ਦੀ ਸਹੇਲੀ ਈਰਾ ਵੀ ਕੁਝ ਦਿਨਾਂ ਲਈ ਉਸ ਦੇ ਨਾਲ਼ ਸਹੁਰੇ ਘਰ ਭੇਜ ਦਿੱਤੀ ਜਾਂਦੀ ਹੈ। ਓਧਰ ਔਰਤ ਦੇ ਦੂਜੇ ਰੂਪ ਵਿੱਚ ਇੱਛਰਾਂ ਹੈ ਜੋ ਆਪਣੇ ਪਤੀ ਦੀ ਬੇਵਫ਼ਾਈ ਦੇ ਦਰਦ ਨਾਲ਼ ਰੁੰਨ੍ਹੀ ਹੋਈ ਆਪਣੀ ਦਾਸੀ ਨਾਲ਼ ਗੱਲਾਂ ਕਰਦੀ ਹੈ: ਜੇ ਮੈਂ ਬਾਂਝ ਹੁੰਦੀ ਤੇ ਨਾ ਦੁੱਖ ਹੁੰਦਾ ਉਹਦੇ ਵਿਹੜੇ ਮੈਂ ਚਾਨਣਾ ਰੋੜਿਆ ਨੀ ਚੰਨ ਹੁੰਦਿਆਂ ਚੱਠ ਵਿਆਹ ਲਿਆਂਦੀ ਮੇਰੀ ਪੀੜ ਦਾ ਮੁੱਲ ਨਾ ਮੋੜਿਆ ਨੀ। ਅਖੀਰ ਸੋਚ ਵਿਚਾਰ ਮਗਰੋਂ ਇੱਛਰਾਂ ਆਪਣੇ ਪਤੀ ਦੀ ਬੇਵਫਾਈ ਦੇ ਜ਼ਖਮ ਉੱਤੇ ਪੁੱਤਰ ਦੇ ਮੋਹ ਦਾ ਮੱਲ੍ਹਮ ਲਾਉਂਦੀ ਹੋਈ ਆਪਣੇ ਮਨ ਨਾਲ਼ ਸਮਝੌਤਾ ਕਰ ਲੈਂਦੀ ਹੈ: ਨਾਰੀ ਪਤੀ ਦਾ ਹਿਜਰ ਤਾਂ ਸਹਿ ਸਕਦੀ ਪਰ ਪੁੱਤ ਦਾ ਹਿਜਰ ਨਾ ਸਹਿ ਸਕੇ ਝਿੰਝਨ ਵੇਲ ਬੇਜੜ੍ਹੀ ਵੱਤ ਨਾਰ ਜੀਵੇ ਪਰ ਪੱਤਿਆਂ ਬਾਝ ਨਾ ਰਹਿ ਸਕਦੀ ਇੱਛਰਾਂ ਨਾਰੀ ਨੂੰ ਇਕ ਬੇ-ਜੜ੍ਹੀ ਵੇਲ ਨਾਲ਼ ਸਮਾਨਤਾ ਦੇਂਦੀ ਹੈ, ਜਿਹੜੀ ਜੜ੍ਹਾਂ ਤੋਂ ਬਿਨਾਂ ਰਹਿ ਸਕਦੀ ਹੈ ਪਰ ਪੱਤਿਆਂ ਤੋਂ ਬਿਨਾਂ ਨਹੀਂ। ਇੰਜ ਮਨ ਸਮਝਾਵਾ ਕਰਦੀ ਹੋਈ, ਇਨ੍ਹਾਂ ਉਦਾਸ ਹਾਲਤਾਂ ਤੋਂ ਦੂਰ ਕੁਝ ਦਿਨਾਂ ਲਈ ਪੇਕੇ ਚਲੀ ਜਾਂਦੀ ਹੈ। ਓਧਰ ਪੂਰਨ ਸਲਵਾਨ ਅਤੇ ਇੱਛਰਾਂ ਦਾ ਪੁੱਤਰ ਆਪਣੇ ਭੋਰੇ ’ਚੋਂ ਨਿਕਲ ਕੇ ਕੁਝ ਦਿਨਾਂ ਲਈ ਲੂਣਾ ਦੇ ਮਹਿਲਾਂ ਵਿੱਚ ਠਹਿਰਿਆ ਹੋਇਆ ਹੈ। ਲੂਣਾ ਜਦੋਂ ਪੂਰਨ ਨੂੰ ਤੱਕਦੀ ਹੈ ਤਾਂ ਸੋਚਾਂ ਦੇ ਵਹਿਣ ਵਿੱਚ ਵਹਿ ਜਾਂਦੀ ਹੈ ਕਿ ਪੂਰਨ ਤਾਂ ਬਿਲਕੁਲ ਉਹੋ ਜਿਹਾ ਹੀ ਹੈ, ਜਿਹੋ ਜਿਹਾ ਹਾਣੀ ਉਸ ਨੇ ਆਪਣੇ ਬਾਬਲ ਦੇ ਵਿਹੜੇ ਵਿੱਚ ਰਹਿੰਦਿਆਂ ਕਲਪ ਲਿਆ ਸੀ।। ਇਹ ਤਾਂ ਉਸ ਦੇ ਉਸ ਸੁਪਨੇ ਦਾ ਨਾਇਕ ਸੀ ਜੋ ਉਸ ਨੇ ਜੋਬਨ ਰੁੱਤੇ ਜਾਗਦੀ ਅੱਖ ਨਾਲ਼ ਵੇਖਿਆ ਸੀ। ਕਦੀ ਕਦਾਈਂ ਉਸ ਦੀ ਅਕਲ ਉਸ ਨੂੰ ਪੂਰਨ ਨਾਲ਼ ਬਣਦੇ ਸਮਾਜਿਕ ਰਿਸ਼ਤੇ ਦਾ ਵਾਸਤਾ ਪਾਉਂਦੀ ਹੋਈ ਉਸ ਨੂੰ ਵਰਜਦੀ ਵੀ ਹੈ, ਪਰ ਹਰ ਵਾਰ ਉਸ ਦੇ ਜਜ਼ਬਾਤਾਂ ਦਾ ਪੱਲੜਾ ਅਕਲ ਦੇ ਪੱਲੜੇ ਤੋਂ ਭਾਰਾ ਹੋ ਜਾਂਦਾ ਹੈ: ਕੋਈ ਕੋਈ ਪੱਤ ਅਕਲ ਦਾ ਝੜਦਾ ਪਰ ਇਹ ਅਗਨ-ਮਿਰਗ ਨਾ ਚਰਦਾ। ਜਦ ਇਸ ਗੱਲ ਦਾ ਇਲਮ ਈਰਾ ਨੂੰ ਹੁੰਦਾ ਹੈ ਤਾਂ ਉਹ ਲੂਣਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਲੂਣਾ ਕਦੇ ਵਿਵਰਜਿਤ ਅੱਗ ਨੂੰ ਸੱਚ ਕਹਿੰਦੀ ਹਾਂ ਹੱਥ ਨਾ ਲਾਈਂ ਧਰਤੀ ਦੀ ਨਾਰੀ ਨੂੰ ਵੇਖੀਂ ਚਰਿੱਤਰਹੀਣ ਨਾ ਕਦੇ ਕਹਾਈਂ। ਇਸ ਦੇ ਜਵਾਬ ਵਿੱਚ ਜੋ ਲੂਣਾ ਕਹਿੰਦੀ ਹੈ, ਇਸ ਵਿੱਚ ਪੂਰੀ ਕਹਾਣੀ ਦਾ ਸਾਰ ਛਿਪਿਆ ਹੋਇਆ ਹੈ - ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਮੇਰੇ ਫੁੱਲ ਕੁਮਲਾਇਆ ਜਿਸ ਦਾ ਇੱਛਰਾਂ ਰੂਪ ਹੰਢਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ ਸਈ ਨੀ ਮੈਂ ਧੀ ਵਰਗੀ ਸਲਵਾਨ ਦੀ। ਮੌਕਾ ਮਿਲਣ ’ਤੇ ਲੂਣਾ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਪੂਰਨ ਅੱਗੇ ਕਰਦੀ ਹੈ। ਕਹਾਣੀ ਦਾ ਸਭ ਤੋਂ ਖੂਬਸੂਰਤ ਪੜਾਅ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਅੱਲ੍ਹੜ ਉਮਰ ਦਾ ਪੂਰਨ ਉਸੇ ਦੇ ਹਾਣ ਦੀ ਲੂਣਾ ਨੂੰ ਪ੍ਰੇਮ ਅਤੇ ਵਾਸ਼ਨਾ ਵਿਚਲਾ ਅੰਤਰ ਸਮਝਾਉਂਦਾ ਹੈ। ਪੂਰਨ ਆਪਣੀ ਦਾਰਸ਼ਨਿਕ ਸੂਝਬੂਝ ਨਾਲ਼ ਲੂਣਾ ਨੂੰ ਸਮਝਾਉਂਦਾ ਹੈ ਕਿ ਮੈਨੂੰ ਤੇਰੇ ਨਾਲ਼ ਹੋਈ ਨਾ-ਇਨਸਾਫ਼ੀ ਦੀ ਵਜ੍ਹਾ ਕਰਕੇ ਤੇਰੇ ਨਾਲ਼ ਹਮਦਰਦੀ ਜ਼ਰੂਰ ਹੈ, ਪਰ ਤੂੰ ਆਪਣੇ ਦੱਬੇ ਹੋਏ ਜਜ਼ਬਾਤਾਂ ਨੂੰ ਪਾਕ ਪਵਿੱਤਰ ਪ੍ਰੇਮ ਦਾ ਨਾਮ ਨਾ ਦੇ, ਮੁਹੱਬਤ ਦਾ ਨਾਮ ਨਾ ਦੇ। ਲੂਣਾ ਦੇ ਬਜ਼ਿੱਦ ਰਹਿਣ ’ਤੇ ਕਿ ਉਹ ਉਸ ਨੂੰ ਪ੍ਰੇਮ ਕਰਦੀ ਹੈ, ਪੂਰਨ ਪ੍ਰੇਮ ਦੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਦਾ ਹੈ ਕਿ ਪ੍ਰੇਮ ਨੂੰ ਤਾਂ ਕਦੇ ਵੀ ਇਜ਼ਹਾਰ ਵਾਸਤੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਪ੍ਰੇਮ ਤਾਂ ਮਾਂ ਦੀ ਮਮਤਾ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਸੀ। ਸਗੋਂ ਮਮਤਾ ਹੀ ਤਾਂ ਪ੍ਰੇਮ ਦਾ ਸਰਵੋਤਮ ਰੂਪ ਹੈ। ਪੂਰਨ ਅਨੁਸਾਰ ਜੇਕਰ ਲੂਣਾ ਨੇ ਮਰਿਆਦਾ ਦੀ ਉਲੰਘਣਾ ਕਰਕੇ, ਆਪਣੇ ਜਜ਼ਬਾਤਾਂ ਨੂੰ ਬੁੱਲ੍ਹਾਂ ਤੱਕ ਲਿਆ ਕੇ ਜਿਸਮਾਨੀ ਮਿਲਾਪ ਦੀ ਇੱਛਾ ਸਾਹਮਣੇ ਰੱਖੀ ਹੈ ਤਾਂ ਉਹ ਪ੍ਰੇਮ ਨਾ ਹੋ ਕੇ ਵਾਸ਼ਨਾ ਹੈ। ਮਾਏਂ! ਮੁਹੱਬਤ ਇਕ ਦੂਜੇ ਦੇ ਰੰਗਾਂ ਦਾ ਸਤਿਕਾਰ ਹੈ ਹੁੰਦੀ . . . ਰੰਗ ਨੇ ਰੰਗ ਦੀ ਹੋਂਦ ਗਵਾਨੀ ਪਿਆਰ ਨਹੀਂ ਵਿਭਚਾਰ ਹੈ ਹੁੰਦੀ . . . ਪਿਆਰ ਤਾਂ ਚੁੱਪ ਨਿਰਸ਼ਬਦ ਕਥਾ ਹੈ ਪਿਆਰ ਕਦੇ ਰੌਲਾ ਨਾ ਪਾਂਦਾ . . . ਪਿਆਰ ਸਦਾ ਅੰਤਰ ਵਿੱਚ ਬਲਦਾ ਬਾਹਰ ਉਸ ਦਾ ਸੇਕ ਨਾ ਆਉਂਦਾ. . . ਜਦੋਂਕਿ ਲੂਣਾ ਦੀ ਨਾ-ਬਾਲਗ ਬੁੱਧੀ ਇਸ ਰਮਜ਼ ਨੂੰ ਸਮਝ ਨਹੀਂ ਪਾਉਂਦੀ ਤੇ ਉਹ ਮਰਦ ਜਾਤ ਕੋਲੋਂ ਇਸ ਇਨਕਾਰ ਦਾ ਬਦਲਾ ਪੂਰਨ ਉੱਪਰ ਝੂਠਾ ਦੋਸ਼ ਲਗਾ ਕੇ ਲੈਂਦੀ ਹੈ। ਕਿਸੇ ਵੀ ਸਾਹਿਤਕ ਰਚਨਾ ਨੂੰ ਸਾਰਥਕ ਕਹਾਉਣ ਦਾ ਹੱਕ ਤਦ ਹੀ ਹੁੰਦਾ ਹੈ, ਜਦ ਉਹ ਕੇਵਲ ਮਨੋਰੰਜਨ ਦਾ ਸਾਧਨ ਹੀ ਨਾ ਹੋ ਕੇ ਸਮਾਜ ਲਈ ਕੋਈ ਸੁਨੇਹਾ ਵੀ ਦਿੰਦੀ ਹੋਵੇ। ਸੋ ਸ਼ਿਵ ਨੇ ਵੀ ਲੂਣਾ ਦੀ ਵਕਾਲਤ ਕਰਦਿਆਂ ਹੋਇਆਂ ਕੁਝ ਅਜਿਹੇ ਰੂੜ੍ਹੀਵਾਦੀ ਸਮਾਜਿਕ ਵਰਤਾਰਿਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ ਜਿਨ੍ਹਾਂ ਨੂੰ ਕਿ ਸਮਾਜ ਦੇ ਇੱਜ਼ਤਦਾਰ ਅਤੇ ਸਮਝਦਾਰ ਵਰਗ ਨੇ ਵੀ ‘ਸੱਭਿਅਤਾ‘ ਦੇ ਨਾਮ ਹੇਠ ਸਵੀਕਾਰ ਕਰ ਰੱਖਿਆ ਹੈ। ਕੁਦਰਤ ਨੇ ਔਰਤ ਅਤੇ ਮਰਦ ਦੀ ਸਿਰਜਣਾ ਇਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਹੀ ਕੀਤੀ ਹੈ। ਦੋਵੇਂ ਹੀ ਇਕ ਦੂਜੇ ਤੋਂ ਬਿਨਾਂ ਅਧੂਰੇ ਹਨ। ਸਾਡੇ ਸਮਾਜ ਵਿੱਚ ਇਸ ਰਿਸ਼ਤੇ ਦੀ ਪ੍ਰਵਾਨਗੀ ਲਈ ਵਿਆਹ ਦਾ ਵਿਕਲਪ ਬਣਾਇਆ ਜ਼ਰੂਰ ਗਿਆ ਹੈ, ਪ੍ਰੰਤੂ ਅਕਸਰ ਇਸ ਨੂੰ ਸਾਰਥਕ ਤਰੀਕੇ ਨਾਲ਼ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ। ਅੱਜ ਵੀ ਜਦੋਂ ਹਕੀਕਤ ਵਿੱਚ ਬਾਹਰਲੇ ਦੇਸ਼ ਜਾਣ ਦੇ ਲਾਲਚਵੱਸ ਜਾਂ ਕਿਸੇ ਮਜਬੂਰੀਵੱਸ ਕਿਸੇ ਮਾਸੂਮ ਲੜਕੀ ਨੂੰ ਕਿਸੇ ਬੇਜੋੜ ਵਿਆਹ ਦੇ ਬੰਧਨ ਵਿੱਚ ਬੱਝਦਾ ਦੇਖਦੀ ਹਾਂ ਤਾਂ ਲੂਣਾ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਖਲੋਂਦੀ ਹੈ। ਕਈ ਵਾਰ ਤਾਂ ਬਿਨਾਂ ਕਿਸੇ ਮਜਬੂਰੀ ਦੇ ਵੀ ਅਸੀਂ ਆਪਣੀਆਂ ਮਾਸੂਮ ਬੱਚੀਆਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰ ਜਾਂਦੇ ਹਾਂ। ਸ਼ਾਦੀ ਦੀ ਉਮਰ ਹੋਣ ’ਤੇ ਲੜਕੀ ਦੇ ਮਨ ਅੰਦਰ ਆਪਣੇ ਜੀਵਨ ਸਾਥੀ ਨੂੰ ਲੈ ਕੇ ਕੁਝ ਅਰਮਾਨਾਂ ਦਾ ਹੋਣਾ ਕੋਈ ਅਸਾਧਾਰਨ ਗੱਲ ਨਹੀਂ ਹੈ। ਪਰ ਜਦੋਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਲੈਣ ਵਕਤ ਉਸ ਦੀ ਖਾਹਿਸ਼ ਨੂੰ ਤਰਜੀਹ ਨਾ ਦੇ ਕੇ ਕੇਵਲ ਭੌਤਿਕ ਲੋੜਾਂ ਦੀ ਪੂਰਤੀ ਕਰਦਾ ਜੀਵਨ ਸਾਥੀ ਨੂੜ ਦਿੱਤਾ ਜਾਂਦਾ ਹੈ ਤਾਂ ਅਕਸਰ ਮਜਬੂਰੀਵੱਸ ਉਹ ਆਪਣੀਆਂ ਰੀਝਾਂ ਨੂੰ ਦਬਾਅ ਕੇ ਸਹਿਮਤ ਤਾਂ ਹੋ ਹੀ ਜਾਂਦੀ ਹੈ ਪ੍ਰੰਤੂ ਭਾਵਨਾਵਾਂ ਵਗਦੇ ਪਾਣੀ ਦੀ ਨਿਆਈਂ ਹੁੰਦੀਆਂ ਹਨ। ਇੱਕ ਪਾਸਿਓਂ ਜਬਰੀ ਬੰਨ੍ਹ ਲਾ ਕੇ ਰੋਕਿਆ ਗਿਆ ਪਾਣੀ ਕੋਈ ਨਾ ਕੋਈ ਵਿਰਲ, ਵਿੱਥ ਜਾਂ ਨਿਵਾਣ ਮਿਲਦਿਆਂ ਸਾਰ ਹੀ ਉਧਰ ਨੂੰ ਵਹਿ ਤੁਰਦਾ ਹੈ। ਕਿਤੇ ਸਾਡੇ ਵੱਲੋਂ ਜ਼ਬਰਦਸਤੀ ਠੋਸਿਆ ਗਿਆ ਫੈਸਲਾ ਸਾਡੇ ਬੱਚੇ ਦੀ ਜ਼ਿੰਦਗੀ ਦਾ ਖੌਅ ਹੀ ਨਾ ਬਣ ਜਾਵੇ। ਜੇਕਰ ਇਸ ਤਰ੍ਹਾਂ ਦੀ ਸਖਤਾਈ ਦਾ ਕਾਰਨ ਸਿਰਫ਼ ਸਮਾਜ ਦੀ ਲੋਕ ਲਾਜ ਹੀ ਹੈ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵੀ ਸਾਡੇ ਵਰਗੇ ਲੋਕਾਂ ਦਾ ਹੀ ਬਣਿਆ ਹੈ। ਹਰ ਇਨਸਾਨ ਸਮਾਜ ਦੀ ਇਕਾਈ ਹੈ ਅਤੇ ਇਸ ਦੇ ਕਾਇਦੇ-ਕਾਨੂੰਨ ਵੀ ਸਾਡੇ ਵੱਲੋਂ ਹੀ ਸਿਰਜੇ ਗਏ ਹਨ, ਜੋ ਕਿ ਵਕਤ ਦੇ ਨਾਲ਼ ਨਾਲ਼ ਅਗਾਂਹਵਧੂ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਬਹੁਤਾ ਚਿਰ ਇੱਕੋ ਥਾਂ ਖੜ੍ਹਾ ਪਾਣੀ ਬਦਬੂ ਮਾਰ ਜਾਂਦਾ ਹੈ, ਇਸੇ ਤਰ੍ਹਾਂ ਇਹ ਰਸਮਾਂ-ਰਿਵਾਜ ਜੇਕਰ ਹਮੇਸ਼ਾ ਸਥਾਈ ਰਹਿਣ, ਹਾਲਾਤ ਦੇ ਅਨੁਸਾਰ ਬਦਲੇ ਨਾ ਜਾਣ ਤਾਂ ਇਹ ਵੀ ਮਨੁੱਖੀ ਜੀਵਨ ਲਈ ਸਰਾਪ ਬਣ ਕੇ ਰਹਿ ਜਾਂਦੇ ਹਨ। ਸਮਾਜ ਨੂੰ ਇਹੀ ਅਪੀਲ ਹੈ ਕਿ ਅਗਰ ਤੁਸੀਂ ਧੀਆਂ ਨੂੰ ਜਨਮ ਦੇਣ ਦਾ ਉਪਕਾਰ ਕੀਤਾ ਹੈ ਤਾਂ ਇੱਕ ਉਪਕਾਰ ਹੋਰ ਵੀ ਕਰੋ ਕਿ ਉਨ੍ਹਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ਼-ਨਾਲ਼ ਚੰਗੇ ਸੰਸਕਾਰ ਵੀ ਦੇਵੋ ਤੇ ਯੋਗ ਉਮਰ ਆਉਣ ‘ਤੇ ਉਨ੍ਹਾਂ ਨੂੰ ਜੀਵਨ ਸਾਥੀ ਚੁਣਨ ਦਾ ਹੱਕ ਵੀ ਦੇਵੋ। ਕਿਤੇ ਇਹ ਨਾ ਹੋਵੇ ਕਿ ਰਸਮਾਂ ਦੇ ਕਿੱਲੇ ਨਾਲ਼ ਬੱਝੀ ਸਾਡੀ ਲਾਡਲੀ ਬੇਟੀ ਕਿਸੇ ਦਿਨ ਦੋਰਾਹੇ ‘ਤੇ ਖੜ੍ਹੀ ਹੋਵੇ ਕਿ ਜਾਂ ਤਾਂ ਈਰਾ, ਮਥੁਰਾ ਤੇ ਇੱਛਰਾਂ ਵਾਂਗ ਹੋਣੀ ਨੂੰ ਆਪਣੀ ਕਿਸਮਤ ਜਾਣ ਕੇ ਸਾਰੀ ਉਮਰ ਇਕ ਘੁਟਣ ਵਿੱਚ ਹੀ ਗੁਜ਼ਾਰ ਦੇਵੇ ਤੇ ਜਾਂ ਫਿਰ ਕਦੀ ਲੂਣਾ ਵਾਂਗ ਬਗਾਵਤ ਕਰਨ ਲਈ ਮਜਬੂਰ ਹੋ ਜਾਵੇ। ਸ਼ਾਇਦ ਲੂਣਾ ਖ਼ੁਦ ਵੀ ਇਹੀ ਚਾਹੁੰਦੀ ਸੀ: ਜਦ ਲੋਕ ਕਿਧਰੇ ਜੁੜਨਗੇ ਜਦ ਲੋਕ ਕਿਧਰੇ ਬਹਿਣਗੇ ਲੂਣਾ ਨੂੰ ਗਾਲ੍ਹਾਂ ਦੇਣਗੇ ਪੂਰਨ ਨੂੰ ਗਲ ਥੀਂ ਲਾਣਗੇ ਸ਼ਾਇਦ ਕਿਸੇ ਸਲਵਾਨ ਸੰਗ ਲੂਣਾ ਨਾ ਮੁੜ ਪਰਨਾਣਗੇ ਮੇਰੇ ਜਿਹੀ ਕਿਸੇ ਧੀ ਦੇ ਅਰਮਾਨ ਨਾ ਰੁਲ਼ ਜਾਣਗੇ . . . * ਮੋਬਾਈਲ: 95921-20120

ਵਿਆਹਾਂ ਮੌਕੇ ਸਟੇਜਾਂ ਤੇ ਸ਼ਰੇਆਮ 'ਨੱਚਦੀ' ਹੈ ਮਜਬੂਰੀ --ਸਟੇਜ ਦੇ ਬਦਲ-ਬਦਲ ਕੇ ਸੂਟ ਪਾਉਣ ਵਾਲੀਆਂ ਕੋਲ ਖੁਦ ਦੇ ਦੋ ਸੂਟ ਤੋਂ ਵੱਧ ਨਹੀਂ ਹੁੰਦੇ

ਇਸ ਨੂੰ ਕਲਾ ਦਾ ਦੁਖਾਂਤ ਕਹਿ ਲਓ ਜਾਂ ਭੁੱਖ ਦੀ ਲਾਚਾਰੀ, ਕਿ ਸਟੇਜ ਉਤੇ ਭਰ ਜੋਬਨ ਵਿੱਚ ਸਭਿਆਚਾਰ ਦੇ ਨਾਮ ਤੇ ਮੁਟਿਆਰ ਨੱਚ ਰਹੀ ਹੁੰਦੇ ਹੈ ਤੇ ਥੱਲੇ ਸਰੋਤਿਆਂ ਵਿੱਚ ਉਸਦਾ ਬਾਪ, ਭਰਾ ਜਾਂ ਪਤੀ ਵੀ ਬੈਠਾ ਹੁੰਦਾ ਹੈ, ਜੋ ਸੁਣ ਰਿਹਾ ਹੁੰਦਾ ਹੈ। ਸਰੋਤਿਆਂ ਦੀ ਭੀੜ ਵਿੱਚ ਉਸਦੇ ਬਾਰੇ ਵਰਤੇ ਜਾ ਰਹੇ ਵਿਸ਼ੇਸ਼ਣ, ਜਿੰਨ੍ਹਾਂ ਨੂੰ ਸੁਣ ਕੇ ਜਾਂ ਤਾਂ ਉਹ ਅਣਸੁਣਿਆਂ ਕਰ ਦਿੰਦਾ ਹੈ ਤਾਂ ਫਿਰ ਆਪਣੀ ਜਮੀਰ ਨੂੰ ਉਥੇ ਵਰਤਾਏ ਜਾ ਰਹੇ ਸ਼ਰਾਬ ਦੇ ਗਿਲਾਸਾਂ ਦੇ ਹਵਾਲੇ ਕਰ ਉਹ ਸਰੋਤਾ ਬਣ ਜਾਂਦਾ ਹੈ, ਜਿਸਦਾ -ਧੜ- ਹੁੰਦਾ ਹੈ, ਪਰ ਧੜ ਉਤੇ ਸਿਰ ਨਹੀਂ। ਇਹ ਦ੍ਰਿਸ਼ ਕਿਸੇ ਕਾਲੀ ਫਿਲਮ ਦਾ ਨਹੀਂ, ਬਲਕਿ ਉਹ ਜਿਊਂਦੀ ਜਾਗਦੀ ਹਕੀਕਤ ਦਾ ਉਹ ਕੋੜਾ ਸੱਚ ਹੈ, ਜਿਸਨੂੰ ਵਿਆਹਾਂ ਦੇ ਸੀਜਨ ਦੌਰਾਨ ਸਹਿਜੇ ਹੀ ਕਿਸੇ ਰਿਜੋਰਟ, ਫਾਰਮ ਜਾਂ ਪੈਲੇਸ ਵਿੱਚ ਪਹਿਲੀ ਨਜਰੇ ਵੇਖਿਆ ਜਾ ਸਕਦਾ ਹੈ, ਜੋ ਸਾਡੇ ਅਜੋਕੇ ਅਮੀਰ ਪੰਜਾਬ ਸਭਿਆਚਾਰ ਦਾ ਅੰਗ ਬਣਦੀ ਜਾ ਰਹੀ ਹੈ। ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਬਰਾਤੀਆਂ ਅਤੇ ਹੋਰ ਲੋਕਾਂ ਦਾ ਮਨੋਰੰਜਨ ਪ੍ਰਧਾਨ ਕਰਨ ਲਈ ਪੰਜਾਬੀ ਗੀਤਾਂ ਦੀ ਤਰਜ ਚ ਨੱਚਦੀਆਂ ਮੁਟਿਆਰਾਂ ਦੇ ਅੰਤਰੀਵ ਨੂੰ ਜਦ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਤੱਥ ਸਾਹਮਣੇ ਆਏ, ਉਹ ਬੇਹੱਦ ਤਰਾਸਦਿਕ ਸਨ। ਜਿਨ੍ਹਾਂ ਨੂੰ ਸ਼ਬਦਾਂ ਦੀ ਰੰਗਤ ਦੇਣਾ ਸਖਾ ਕਾਰਜ ਨਹੀਂ। ਸਭ ਤੋਂ ਪਹਿਲਾਂ ਤਰਾਸਦੀ ਸਾਹਮਣੇ ਆਏ, ਉਹ ਇਹ ਸੀ ਕਿ ਕੋਈ ਵੀ ਮੁਟਿਆਰ ਇਸ ਕੰਮ ਨੂੰ ਆਪਣੀ ਮਰਜ਼ੀ ਨਾਲ ਨਹੀ ਸੀ ਕਰ ਰਹੀ। ਸਾਰਿਆਂ ਦੇ ਪਿਛੇ ਇਕ ਹੀ ਸੱਚ ਸਾਹਮਣੇ ਆਇਆ, ਉਹ ਸੀ -ਮਜਬੂਰੀ-। ਜੋ ਕਿਸੇ ਵੀ ਕਿਸਮ ਦੀ ਹੁੰਦੀ ਹੋਈ ਸਾਰਿਆਂ ਦੀ ਬਰਾਬਰ ਸੀ। ਜਿਆਦਾਤਰ ਕਿਰਾਏ ਦੇ ਮਕਾਨਾਂ ਵਿੱਚ ਜੀ ਬਸਰ ਕਰ ਰਹੀਆਂ ਇਨ੍ਹਾਂ ਦੀ ਮੁਟਿਆਰਾਂ ਦਾ ਕੋਈ ਸੁਪਨੇ ਨਹੀ। ਦੋ ਵਕਤ ਦੀ ਰੋਟੀ ਦਾ ਆਹਾਰ ਕਰਨਾ ਅਤੇ ਸਧਾਰਣ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਹੀ ਇਨ੍ਹਾਂ ਦੀ ਜਿੰਦਗੀ ਹੈ। ਸਟੇਜ਼ ਉਤੇ ਹਰ ਗੀਤ ਉਤੇ ਖੂਬਸੂਰਤ ਡਰੈਸ ਬਦਲ ਕੇ ਆਉਣ ਵਾਲੀਆਂ ਇਨ੍ਹਾਂ ਡਾਂਸਰਾਂ ਕੋਲ ਘਰੇਲੂ ਪੱਧਰ ਤੇ ਇਕ ਜਾਂ ਦੋ ਤੋਂ ਵੱਧ ਸੂਟ ਵੀ ਨਹੀਂ ਹੁੰਦੇ। ਵਿਆਹ ਸ਼ਾਦੀਆਂ ਦੇ ਮੌਕੇ ਤੇ ਇਕ ਹਜਾਰ ਰੁਪਏ ਤੋ ਲੈ ਕੇ ਦੋ ਹਜਾਰ ਰੁਪਏ ਤੱਕ ਪ੍ਰਤੀ ਵਿਆਹ ਦੇ ਹਿਸਾਬ ਨਾਲ ਬੁੱਕ ਇਨ੍ਹਾਂ ਮੁਟਿਆਰਾਂ ਦੇ ਸਟੇਜ ਕੱਪੜੇ ਵੀ ਇਨ੍ਹਾਂ ਦੇ ਆਪਣੇ ਨਹੀ ਹੁੰਦੇ, ਬਲਕਿ ਗਰੁੱਪ ਵੱਲੋਂ ਹੀ ਦਿੱਤੇ ਗਏ ਹੁੰਦੇ ਹਨ। ਜੋ ਪ੍ਰੋਗਰਾਮ ਦੌਰਾਨ ਆਈਟਮ ਦੇ ਹਿਸਾਬ ਨਾਲ ਇਨ੍ਹਾਂ ਨੂੰ ਦਿੱਤੇ ਜਾਂਦੇ ਹਨ, ਤਾਂ ਜੋ ਸਰੋਤਿਆਂ ਨੂੰ ਉਹ ਉਤੇਜਤ ਕਰ ਸਕਣ। ਗੱਲਬਾਤ ਕਰਦਿਆਂ ਕਈ ਡਾਂਸਰਾ ਨੇ ਦੱਸਿਆ ਕਿ ਪ੍ਰੋਗਰਾਮਾਂ ਦੋਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਭਾਂਵੇ ਕਿ ਉਹ ਪਤੀ ਹੋਵੇ ਜਾਂ ਪਿਤਾ ਜਾਂ ਭਰਾ ਕਈ ਵਾਰ ਉਨ੍ਹਾਂ ਦੇ ਨਾਲ ਜਾਂਦੇ ਹਨ। ਪਹਿਲਾਂ-ਪਹਿਲਾਂ ਉਨ੍ਹਾਂ ਦੇ ਸਾਹਮਣੇ ਕੁੱਝ ਹਯਾ ਜਾਂ ਸ਼ਰਮ ਆਉਂਦੀ ਹੈ ਪਰ ਬਾਅਦ ਵਿੱਚ ਸਭ ਕੁੱਝ ਆਮ ਜਿਹਾ ਲੱਗਣ ਲੱਗ ਪੈਂਦੇ ਹਨ, ਜਿਵੇਂ ਕਿ ਉਹ ਵੀ ਉਥੇ ਮੌਜੂਦ ਭੀੜ ਦਾ ਇਕ ਹਿੱਸਾ ਹੋਣ। ਉਨ੍ਹਾਂ ਦੱਸਿਆ ਕਿ ਸਟੇਜ ਉਤੇ ਆਈਟਮ ਪੇਸ਼ ਕਰਨ ਲੱਗਿਆਂ ਆਪਣਾ ਸਭ ਕੁੱਝ ਭੁੱਲਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸਟੇਜ ਉਤੇ ਆਈਟਮ ਪੇਸ਼ ਕਰਨ ਲੱਗਿਆਂ ਆਪਣਾ ਆਪ ਵੀ, ਤਾਂ ਹੀ ਖੁਸ਼ੀ ਦੇ ਮੌਕੇ ਤੇ ਇਕ ਖਾਸ ਕਿਸਮ ਦੀ ਭੀੜ ਨੂੰ ਉਨ੍ਹਾਂ ਨੂੰ ਆਪਣੇ ਨਾਲ ਨੱਚਣ ਲਈ ਮਜਬੂਰ ਕਰਦੀ ਹੈ ਤੇ ਉਸਦੇ ਨਾਲ ਆਏ ਗਰੁੱਪ ਨੂੰ ਵੱਧ ਕਮਾਈ ਹੁੰਦੀ ਹੈ। ਇਸ ਦੌਰਾਨ ਕਿਸੇ ਦਾ ਉਨ੍ਹਾਂ ਦਾ ਹੱਥ ਫੜ ਕੇ ਨੱਚਣਾ ਜਾਂ ਗੱਲ ਨਾਲ ਲਾਉਣਾ ਉਹਨਾਂ ਵਾਸਤੇ ਸਾਧਾਰਨ ਜਿਹੀਆਂ ਉਪਰੀਆਂ ਗੱਲਾਂ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਉਹ ਕਦੀ ਨਹੀਂ ਸੋਚਦੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਿਸ ਵੀ ਜਿਆਦਾਤਰ ਉਥੇ ਮੋਜੂਦ ਭੀੜ ਦਾ ਹਿੱਸਾ ਬਣ ਨਸ਼ੇ ਦੀਆਂ ਪੈਞ ਅਤੇ ਹੋਰ ਸਵਾਦਾਂ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਡਬੋ ਕੇ ਬੈਠ ਜਾਂਦੇ ਹਨ। ਜਿਥੇ ਉਨ੍ਹਾਂ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਆਪਣੀ ਇਸ ਕਲਾ ਨੂੰ ਉਹ ਕਲਾ ਨਾਮ ਦਿੰਦੀਆ ਹਨ, ਜਿਸਦਾ ਸਮਾਂ ਮਹਿਮ ਤਿੰਨ ਤੋਂ ਚਾਰ ਸਾਲ ਤੱਕ ਦਾ ਹੀ ਹੁੰਦੀ ਹੈ। ਢਲਦੀ ਉਮਰ ਦੀ ਡਾਂਸਰ ਨੂੰ ਕੋਈ ਗਰੁੱਪ ਪਸੰਦ ਨਹੀਂ ਕਰਦਾ। ਗੱਲਬਾਤ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਵਿਆਹ ਸ਼ਾਦੀਆਂ ਦੇ ਸੀਜਨ ਲੰਘ ਜਾਣ ਤੋਂ ਬਾਅਦ ਘਰ ਦਾ ਖਰਚਾ ਚਲਾਉਣਾ ਬੇਹੱਦ ਮੁਸ਼ਿਕਲ ਹੁੰਦਾ ਹੈ। ਸਮਾਜ ਵੱਲ ਉਨ੍ਹਾਂ ਪ੍ਰਤੀ ਅਪਣਾਏ ਵਤੀਰੇ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਵਿਆਹ ਸ਼ਾਦੀਆਂ ਸਮੇਂ ਸ਼ਰਾਬੀ ਹਾਲਤ ਵਿੱਚ ਕਈ ਵਾਰ ਉਸਦੇ ਪਿਤਾ ਦੀ ਉਮਰ ਦਾ ਵਿਅਕਤੀ ਵੀ ਉਸ ਨਾਲ ਨੱਚਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਅਦ ਵਿੱਚ ਉਹੀ ਸਮਾਜ ਉਨ੍ਹਾਂ ਪ੍ਰਤੀ ਨਾਕਾਰਾਤਮਕ ਸੋਚ ਅਪਣਾ ਕੇ ਇਸ ਖਾਸ ਸ਼੍ਰੇਣੀ ਵਿੱਚ ਰੱਖ ਕੇ ਵੇਖਦਾ ਹੈ। -ਜਸਬੀਰ ਸਿੰਘ, ਖਾਸਾ