Wednesday, September 4, 2013

ਵਿਆਹਾਂ ਮੌਕੇ ਸਟੇਜਾਂ ਤੇ ਸ਼ਰੇਆਮ 'ਨੱਚਦੀ' ਹੈ ਮਜਬੂਰੀ --ਸਟੇਜ ਦੇ ਬਦਲ-ਬਦਲ ਕੇ ਸੂਟ ਪਾਉਣ ਵਾਲੀਆਂ ਕੋਲ ਖੁਦ ਦੇ ਦੋ ਸੂਟ ਤੋਂ ਵੱਧ ਨਹੀਂ ਹੁੰਦੇ

ਇਸ ਨੂੰ ਕਲਾ ਦਾ ਦੁਖਾਂਤ ਕਹਿ ਲਓ ਜਾਂ ਭੁੱਖ ਦੀ ਲਾਚਾਰੀ, ਕਿ ਸਟੇਜ ਉਤੇ ਭਰ ਜੋਬਨ ਵਿੱਚ ਸਭਿਆਚਾਰ ਦੇ ਨਾਮ ਤੇ ਮੁਟਿਆਰ ਨੱਚ ਰਹੀ ਹੁੰਦੇ ਹੈ ਤੇ ਥੱਲੇ ਸਰੋਤਿਆਂ ਵਿੱਚ ਉਸਦਾ ਬਾਪ, ਭਰਾ ਜਾਂ ਪਤੀ ਵੀ ਬੈਠਾ ਹੁੰਦਾ ਹੈ, ਜੋ ਸੁਣ ਰਿਹਾ ਹੁੰਦਾ ਹੈ। ਸਰੋਤਿਆਂ ਦੀ ਭੀੜ ਵਿੱਚ ਉਸਦੇ ਬਾਰੇ ਵਰਤੇ ਜਾ ਰਹੇ ਵਿਸ਼ੇਸ਼ਣ, ਜਿੰਨ੍ਹਾਂ ਨੂੰ ਸੁਣ ਕੇ ਜਾਂ ਤਾਂ ਉਹ ਅਣਸੁਣਿਆਂ ਕਰ ਦਿੰਦਾ ਹੈ ਤਾਂ ਫਿਰ ਆਪਣੀ ਜਮੀਰ ਨੂੰ ਉਥੇ ਵਰਤਾਏ ਜਾ ਰਹੇ ਸ਼ਰਾਬ ਦੇ ਗਿਲਾਸਾਂ ਦੇ ਹਵਾਲੇ ਕਰ ਉਹ ਸਰੋਤਾ ਬਣ ਜਾਂਦਾ ਹੈ, ਜਿਸਦਾ -ਧੜ- ਹੁੰਦਾ ਹੈ, ਪਰ ਧੜ ਉਤੇ ਸਿਰ ਨਹੀਂ। ਇਹ ਦ੍ਰਿਸ਼ ਕਿਸੇ ਕਾਲੀ ਫਿਲਮ ਦਾ ਨਹੀਂ, ਬਲਕਿ ਉਹ ਜਿਊਂਦੀ ਜਾਗਦੀ ਹਕੀਕਤ ਦਾ ਉਹ ਕੋੜਾ ਸੱਚ ਹੈ, ਜਿਸਨੂੰ ਵਿਆਹਾਂ ਦੇ ਸੀਜਨ ਦੌਰਾਨ ਸਹਿਜੇ ਹੀ ਕਿਸੇ ਰਿਜੋਰਟ, ਫਾਰਮ ਜਾਂ ਪੈਲੇਸ ਵਿੱਚ ਪਹਿਲੀ ਨਜਰੇ ਵੇਖਿਆ ਜਾ ਸਕਦਾ ਹੈ, ਜੋ ਸਾਡੇ ਅਜੋਕੇ ਅਮੀਰ ਪੰਜਾਬ ਸਭਿਆਚਾਰ ਦਾ ਅੰਗ ਬਣਦੀ ਜਾ ਰਹੀ ਹੈ। ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਬਰਾਤੀਆਂ ਅਤੇ ਹੋਰ ਲੋਕਾਂ ਦਾ ਮਨੋਰੰਜਨ ਪ੍ਰਧਾਨ ਕਰਨ ਲਈ ਪੰਜਾਬੀ ਗੀਤਾਂ ਦੀ ਤਰਜ ਚ ਨੱਚਦੀਆਂ ਮੁਟਿਆਰਾਂ ਦੇ ਅੰਤਰੀਵ ਨੂੰ ਜਦ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਤੱਥ ਸਾਹਮਣੇ ਆਏ, ਉਹ ਬੇਹੱਦ ਤਰਾਸਦਿਕ ਸਨ। ਜਿਨ੍ਹਾਂ ਨੂੰ ਸ਼ਬਦਾਂ ਦੀ ਰੰਗਤ ਦੇਣਾ ਸਖਾ ਕਾਰਜ ਨਹੀਂ। ਸਭ ਤੋਂ ਪਹਿਲਾਂ ਤਰਾਸਦੀ ਸਾਹਮਣੇ ਆਏ, ਉਹ ਇਹ ਸੀ ਕਿ ਕੋਈ ਵੀ ਮੁਟਿਆਰ ਇਸ ਕੰਮ ਨੂੰ ਆਪਣੀ ਮਰਜ਼ੀ ਨਾਲ ਨਹੀ ਸੀ ਕਰ ਰਹੀ। ਸਾਰਿਆਂ ਦੇ ਪਿਛੇ ਇਕ ਹੀ ਸੱਚ ਸਾਹਮਣੇ ਆਇਆ, ਉਹ ਸੀ -ਮਜਬੂਰੀ-। ਜੋ ਕਿਸੇ ਵੀ ਕਿਸਮ ਦੀ ਹੁੰਦੀ ਹੋਈ ਸਾਰਿਆਂ ਦੀ ਬਰਾਬਰ ਸੀ। ਜਿਆਦਾਤਰ ਕਿਰਾਏ ਦੇ ਮਕਾਨਾਂ ਵਿੱਚ ਜੀ ਬਸਰ ਕਰ ਰਹੀਆਂ ਇਨ੍ਹਾਂ ਦੀ ਮੁਟਿਆਰਾਂ ਦਾ ਕੋਈ ਸੁਪਨੇ ਨਹੀ। ਦੋ ਵਕਤ ਦੀ ਰੋਟੀ ਦਾ ਆਹਾਰ ਕਰਨਾ ਅਤੇ ਸਧਾਰਣ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਹੀ ਇਨ੍ਹਾਂ ਦੀ ਜਿੰਦਗੀ ਹੈ। ਸਟੇਜ਼ ਉਤੇ ਹਰ ਗੀਤ ਉਤੇ ਖੂਬਸੂਰਤ ਡਰੈਸ ਬਦਲ ਕੇ ਆਉਣ ਵਾਲੀਆਂ ਇਨ੍ਹਾਂ ਡਾਂਸਰਾਂ ਕੋਲ ਘਰੇਲੂ ਪੱਧਰ ਤੇ ਇਕ ਜਾਂ ਦੋ ਤੋਂ ਵੱਧ ਸੂਟ ਵੀ ਨਹੀਂ ਹੁੰਦੇ। ਵਿਆਹ ਸ਼ਾਦੀਆਂ ਦੇ ਮੌਕੇ ਤੇ ਇਕ ਹਜਾਰ ਰੁਪਏ ਤੋ ਲੈ ਕੇ ਦੋ ਹਜਾਰ ਰੁਪਏ ਤੱਕ ਪ੍ਰਤੀ ਵਿਆਹ ਦੇ ਹਿਸਾਬ ਨਾਲ ਬੁੱਕ ਇਨ੍ਹਾਂ ਮੁਟਿਆਰਾਂ ਦੇ ਸਟੇਜ ਕੱਪੜੇ ਵੀ ਇਨ੍ਹਾਂ ਦੇ ਆਪਣੇ ਨਹੀ ਹੁੰਦੇ, ਬਲਕਿ ਗਰੁੱਪ ਵੱਲੋਂ ਹੀ ਦਿੱਤੇ ਗਏ ਹੁੰਦੇ ਹਨ। ਜੋ ਪ੍ਰੋਗਰਾਮ ਦੌਰਾਨ ਆਈਟਮ ਦੇ ਹਿਸਾਬ ਨਾਲ ਇਨ੍ਹਾਂ ਨੂੰ ਦਿੱਤੇ ਜਾਂਦੇ ਹਨ, ਤਾਂ ਜੋ ਸਰੋਤਿਆਂ ਨੂੰ ਉਹ ਉਤੇਜਤ ਕਰ ਸਕਣ। ਗੱਲਬਾਤ ਕਰਦਿਆਂ ਕਈ ਡਾਂਸਰਾ ਨੇ ਦੱਸਿਆ ਕਿ ਪ੍ਰੋਗਰਾਮਾਂ ਦੋਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਭਾਂਵੇ ਕਿ ਉਹ ਪਤੀ ਹੋਵੇ ਜਾਂ ਪਿਤਾ ਜਾਂ ਭਰਾ ਕਈ ਵਾਰ ਉਨ੍ਹਾਂ ਦੇ ਨਾਲ ਜਾਂਦੇ ਹਨ। ਪਹਿਲਾਂ-ਪਹਿਲਾਂ ਉਨ੍ਹਾਂ ਦੇ ਸਾਹਮਣੇ ਕੁੱਝ ਹਯਾ ਜਾਂ ਸ਼ਰਮ ਆਉਂਦੀ ਹੈ ਪਰ ਬਾਅਦ ਵਿੱਚ ਸਭ ਕੁੱਝ ਆਮ ਜਿਹਾ ਲੱਗਣ ਲੱਗ ਪੈਂਦੇ ਹਨ, ਜਿਵੇਂ ਕਿ ਉਹ ਵੀ ਉਥੇ ਮੌਜੂਦ ਭੀੜ ਦਾ ਇਕ ਹਿੱਸਾ ਹੋਣ। ਉਨ੍ਹਾਂ ਦੱਸਿਆ ਕਿ ਸਟੇਜ ਉਤੇ ਆਈਟਮ ਪੇਸ਼ ਕਰਨ ਲੱਗਿਆਂ ਆਪਣਾ ਸਭ ਕੁੱਝ ਭੁੱਲਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸਟੇਜ ਉਤੇ ਆਈਟਮ ਪੇਸ਼ ਕਰਨ ਲੱਗਿਆਂ ਆਪਣਾ ਆਪ ਵੀ, ਤਾਂ ਹੀ ਖੁਸ਼ੀ ਦੇ ਮੌਕੇ ਤੇ ਇਕ ਖਾਸ ਕਿਸਮ ਦੀ ਭੀੜ ਨੂੰ ਉਨ੍ਹਾਂ ਨੂੰ ਆਪਣੇ ਨਾਲ ਨੱਚਣ ਲਈ ਮਜਬੂਰ ਕਰਦੀ ਹੈ ਤੇ ਉਸਦੇ ਨਾਲ ਆਏ ਗਰੁੱਪ ਨੂੰ ਵੱਧ ਕਮਾਈ ਹੁੰਦੀ ਹੈ। ਇਸ ਦੌਰਾਨ ਕਿਸੇ ਦਾ ਉਨ੍ਹਾਂ ਦਾ ਹੱਥ ਫੜ ਕੇ ਨੱਚਣਾ ਜਾਂ ਗੱਲ ਨਾਲ ਲਾਉਣਾ ਉਹਨਾਂ ਵਾਸਤੇ ਸਾਧਾਰਨ ਜਿਹੀਆਂ ਉਪਰੀਆਂ ਗੱਲਾਂ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਉਹ ਕਦੀ ਨਹੀਂ ਸੋਚਦੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਿਸ ਵੀ ਜਿਆਦਾਤਰ ਉਥੇ ਮੋਜੂਦ ਭੀੜ ਦਾ ਹਿੱਸਾ ਬਣ ਨਸ਼ੇ ਦੀਆਂ ਪੈਞ ਅਤੇ ਹੋਰ ਸਵਾਦਾਂ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਡਬੋ ਕੇ ਬੈਠ ਜਾਂਦੇ ਹਨ। ਜਿਥੇ ਉਨ੍ਹਾਂ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਆਪਣੀ ਇਸ ਕਲਾ ਨੂੰ ਉਹ ਕਲਾ ਨਾਮ ਦਿੰਦੀਆ ਹਨ, ਜਿਸਦਾ ਸਮਾਂ ਮਹਿਮ ਤਿੰਨ ਤੋਂ ਚਾਰ ਸਾਲ ਤੱਕ ਦਾ ਹੀ ਹੁੰਦੀ ਹੈ। ਢਲਦੀ ਉਮਰ ਦੀ ਡਾਂਸਰ ਨੂੰ ਕੋਈ ਗਰੁੱਪ ਪਸੰਦ ਨਹੀਂ ਕਰਦਾ। ਗੱਲਬਾਤ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਵਿਆਹ ਸ਼ਾਦੀਆਂ ਦੇ ਸੀਜਨ ਲੰਘ ਜਾਣ ਤੋਂ ਬਾਅਦ ਘਰ ਦਾ ਖਰਚਾ ਚਲਾਉਣਾ ਬੇਹੱਦ ਮੁਸ਼ਿਕਲ ਹੁੰਦਾ ਹੈ। ਸਮਾਜ ਵੱਲ ਉਨ੍ਹਾਂ ਪ੍ਰਤੀ ਅਪਣਾਏ ਵਤੀਰੇ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਵਿਆਹ ਸ਼ਾਦੀਆਂ ਸਮੇਂ ਸ਼ਰਾਬੀ ਹਾਲਤ ਵਿੱਚ ਕਈ ਵਾਰ ਉਸਦੇ ਪਿਤਾ ਦੀ ਉਮਰ ਦਾ ਵਿਅਕਤੀ ਵੀ ਉਸ ਨਾਲ ਨੱਚਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਅਦ ਵਿੱਚ ਉਹੀ ਸਮਾਜ ਉਨ੍ਹਾਂ ਪ੍ਰਤੀ ਨਾਕਾਰਾਤਮਕ ਸੋਚ ਅਪਣਾ ਕੇ ਇਸ ਖਾਸ ਸ਼੍ਰੇਣੀ ਵਿੱਚ ਰੱਖ ਕੇ ਵੇਖਦਾ ਹੈ। -ਜਸਬੀਰ ਸਿੰਘ, ਖਾਸਾ

No comments:

Post a Comment