Monday, August 26, 2013

ਅਦਾਕਾਰਾ ਦਲਜੀਤ ਕੌਰ

ਅਦਾਕਾਰਾ ਦਲਜੀਤ ਕੌਰ ਨੂੰ ਪੰਜਾਬੀ ਫਿਲਮਾਂ ਦੀ 'ਹੇਮਾ ਮਾਲਿਨੀ' ਕਿਹਾ ਜਾਂਦਾ ਹੈ। ਚੂਹੜ ਚੱਕ ਵਾਲੇ ਜਗਜੀਤ ਨੇ ਆਪਣੀ 1981 ਵਿਚ ਆਈ ਫਿਲਮ 'ਪੁੱਤ ਜੱਟਾਂ ਦੇ'  ਵਿਚ ਇਸ ਲੰਮ-ਸਲੰਮੀ ਅਤੇ ਸੁਨੱਖੀ ਅਦਾਕਾਰਾ ਦੇ ਸੁਹੱਪਣ ਨੂੰ ਇੰਨੇ ਸੁਚੱਜੇ ਅਤੇ ਵਿਲੱਖਣ ਤਰੀਕੇ ਨਾਲ ਪੇਸ਼ ਕੀਤਾ ਕਿ ਹਰ ਪੰਜਾਬੀ ਦੀ ਜ਼ੁਬਾਨ 'ਤੇ ਉਸ ਦਾ ਨਾਂ ਚੜ੍ਹ ਗਿਆ। ਖੁਦ ਦਲਜੀਤ ਕੌਰ ਆਪ ਵੀ 'ਪੁੱਤ ਜੱਟਾਂ ਦੇ' ਫਿਲਮ ਨੂੰ ਆਪਣੀ ਜ਼ਿੰਦਗੀ ਦੀ ਬਿਹਤਰੀਨ ਅਦਾਕਾਰੀ ਮੰਨਦੀ ਹੈ ਪਰ ਗੱਲਾਂ ਗੱਲਾਂ ਵਿਚ ਉਹ ਗੁਰਦਾਸ ਮਾਨ ਨਾਲ 1984 ਵਿਚ ਆਈ ਆਪਣੀ ਫਿਲਮ 'ਮਾਮਲਾ ਗੜਬੜ ਹੈ'  ਦਾ ਵੀ ਜ਼ਿਕਰ ਕਰਨਾ ਨਹੀਂ ਭੁਲਦੀ।
 ਦਲਜੀਤ ਦੱਸਦੀ ਹੈ ਕਿ ਉਸ ਨੇ ਪੰਜਾਬੀ ਫਿਲਮ ਜਗਤ ਵਿਚ ਆਪਣਾ ਪੈਰ ਫਿਲਮ 'ਦਾਜ' ਨਾਲ ਰੱਖਿਆ। ਇਹ ਉਸ ਦੀ ਪਹਿਲੀ ਫਿਲਮ ਸੀ ਅਤੇ ਉਸ ਫਿਲਮ ਦੇ ਹੀਰੋ ਧੀਰਜ ਕੁਮਾਰ ਦੀ ਇਹ ਆਖਰੀ ਫਿਲਮ ਸੀ।
 ਇਸ ਮਗਰੋਂ ਉਸ ਨੇ 'ਗਿੱਧਾ', 'ਇਸ਼ਕ ਨਿਮਾਣਾ', 'ਪੁੱਤ ਜੱਟਾਂ ਦੇ', 'ਜੱਟ ਦਾ ਗੰਡਾਸਾ', 'ਲਾਜੋ', 'ਮਾਮਲਾ ਗੜਬੜ ਹੈ', 'ਨਿੰਮੋ', 'ਜੱਟ ਪੰਜਾਬ ਦਾ', 'ਜੱਗਾ ਡਾਕੂ', 'ਜ਼ੋਰਾ ਜੱਟ', 'ਸਾਲੀ ਅੱਧੀ ਘਰਵਾਲੀ', 'ਉਡੀਕਾਂ ਸਾਉਣ ਦੀਆਂ', ਪਟੋਲਾ ਆਦਿ ਦਰਜਨਾਂ ਪੰਜਾਬੀ ਫਿਲਮਾਂ ਕੀਤੀਆਂ। ਇਨ੍ਹਾਂ ਫਿਲਮਾਂ ਵਿਚ ਉਸ ਨੇ ਚੋਟੀ ਦੇ ਅਦਾਕਾਰਾਂ ਵਰਿੰਦਰ, ਗੁਰਦਾਸ ਮਾਨ, ਸਤੀਸ਼ ਕੌਲ ਤੇ ਬਲਦੇਵ ਖੋਸਾ ਆਦਿ ਨਾਲ ਕੰਮ ਕੀਤਾ। ਦਲਜੀਤ ਕੌਰ ਦੱਸਦੀ ਹੈ ਕਿ ਉਸ ਨੇ ਦਸ ਦੇ ਕਰੀਬ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਹਿੰਦੀ ਫਿਲਮਾਂ ਵਿਚ ਉਸ ਦੀ ਐਂਟਰੀ ਮਰਹੂਮ ਅਦਾਕਾਰ ਸੁਨੀਲ ਦੱਤ ਨੇ ਫਿਲਮ 'ਯਾਰੀ ਦੁਸ਼ਮਣੀ' ਰਾਹੀਂ ਕਰਵਾਈ। ਇਸ ਮਗਰੋਂ ਯਸ਼ ਚੋਪੜਾ ਦੀ 'ਫਾਸਲੇ', 'ਅੰਮ੍ਰਿਤ', 'ਕਬਰਸਤਾਨ', 'ਖਰੀਦਦਾਰ' ਆਦਿ ਤੋਂ ਬਿਨਾਂ ਰਾਜ ਕੁਮਾਰ ਕੋਹਲੀ ਦੀ 'ਜੀਨੇ ਨਹੀਂ ਦੂੰਗਾ' ਕੀਤੀ। ਸੁਭਾਸ਼ ਘਈ ਦੀ 'ਏਕ ਔਰ ਏਕ ਗਿਆਰਾਂ' ਵਿਚ ਸੁਨੀਲ ਦੱਤ ਅਤੇ ਗੋਵਿੰਦਾ ਨਾਲ ਕੰਮ ਕੀਤਾ।
 ਦਲਜੀਤ ਨੇ ਪੰਜਾਬੀ ਫਿਲਮਾਂ 'ਮਾਹੌਲ ਠੀਕ ਹੈ' ਅਤੇ 'ਜੀ ਆਇਆਂ ਨੂੰ' ਵਿਚ ਵੀ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਫਿਲਮ 'ਹੀਰ ਰਾਂਝਾ' ਵਿਚ ਵੀ ਆਪਣੀ ਅਮਿੱਟ ਛਾਪ ਛੱਡੀ ਹੈ।
 ਗੱਲਾਂ ਦੌਰਾਨ ਉਹ ਫਿਲਮ 'ਪੁੱਤ ਜੱਟਾਂ ਦੇ' ਦੀ ਸ਼ੂਟਿੰਗ ਦੌਰਾਨ ਵਾਪਰੀ ਘਟਨਾ ਦਾ ਜ਼ਿਕਰ ਕਰਦੀ ਕਹਿੰਦੀ ਹੈ ਕਿ
''ਅਸੀਂ ਟਿੱਬਿਆਂ ਵਿਚ ਫਿਲਮ ਦਾ ਇਕ ਦ੍ਰਿਸ਼ ਫਿਲਮਾ ਰਹੇ ਸੀ। ਹੀਰੋ ਬਲਦੇਵ ਖੋਸਾ ਅਤੇ ਉਹ ਇਕ ਊਠ 'ਤੇ ਬੈਠੇ ਸਾਂ। ਅਚਾਨਕ ਊਠ ਨੂੰ ਪਤਾ ਨਹੀਂ ਕੀ ਹੋ ਗਿਆ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਊਠ ਪਾਗਲ ਹੋ ਗਿਆ ਹੋਵੇ। ਉਹ ਭੱਜਣ ਲੱਗ ਗਿਆ ਅਤੇ ਦੂਰ ਖੜ੍ਹੇ ਇਕ ਦਰੱਖਤ ਨਾਲ ਖਹਿਣ ਲੱਗ ਗਿਆ ਉਹ ਤਾਂ ਚੰਗੀ ਕਿਸਮਤ ਨਾਲ ਬਲਦੇਵ ਪਿੰਡ ਦਾ ਮੁੰਡਾ ਸੀ ਅਤੇ ਉਸ ਨੂੰ ਊਠ ਕਾਬੂ ਕਰਨਾ ਆਉਂਦਾ ਸੀ। ਬਲਦੇਵ ਨੇ ਬੜੀ ਦਲੇਰੀ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਤਾਂ ਉਸ ਦੀ ਜਾਨ ਵਿਚ ਜਾਨ ਆਈ।
 ਕਾਨਵੈਂਟ ਸਕੂਲ ਤੋਂ ਸਿੱਖਿਆ ਪ੍ਰਾਪਤ ਦਲਜੀਤ ਨੇ ਬੀ.ਏ. ਆਨਰਜ਼ ਤੱਕ ਦੀ ਪੜ੍ਹਾਈ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਤੋਂ ਕੀਤੀ।
 ਉਸ ਦਾ ਜੱਦੀ ਪਿੰਡ ਲੁਧਿਆਣੇ ਜ਼ਿਲ੍ਹੇ ਵਿਚ ਕਸਬਾ ਗੁਰੂਸਰ ਸੁਧਾਰ ਦੇ ਨਜ਼ਦੀਕ ਐਤੀਆਣਾ ਹੈ। ਭਾਵੇਂ ਉਸ ਦਾ ਪਾਲਣ-ਪੋਸਣ ਸਿਲੀਗੁੜੀ ਵਿਚ ਹੋਇਆ ਪਰ ਉਹ ਕਹਿੰਦੀ ਹੈ ਕਿ ਉਸ ਨੂੰ ਆਪਣੇ ਪਿੰਡ ਐਤੀਆਣੇ ਦੀ ਮਿੱਟੀ ਨਾਲ ਅੰਤਾਂ ਦਾ ਮੋਹ ਹੈ। ਜਦੋਂ ਉਹ ਪਿੱਛੇ ਜਿਹੇ ਪੰਜਾਬ ਆਈ ਸੀ ਤਾਂ ਉਹ ਆਪਣੇ ਪਿੰਡ ਦੇ ਖੇਤਾਂ ਦੀਆਂ ਵੱਟਾਂ, ਡੌਲਿਆਂ 'ਤੇ ਘੁੰਮਦੀ ਰਹੀ।
 ਦਲਜੀਤ ਦੱਸਦੀ ਹੈ ਕਿ ਭਾਵੇਂ ਉਹ ਫਿਲਮ ਨਗਰੀ ਮੁੰਬਈ ਨੂੰ ਵੀ ਨਹੀਂ ਛੱਡ ਸਕਦੀ, ਪਰ ਉਸ ਦੀ ਦਿਲੀ ਤਮੰਨਾ ਹੈ ਕਿ ਉਹ ਆਪਣੇ ਪਿੰਡ ਜਾਂ ਉਸ ਦੇ ਨੇੜੇ-ਤੇੜੇ ਕਿੱਤੇ ਖੁੱਲ੍ਹਾ ਡੁੱਲ੍ਹਾ ਘਰ ਬਣਾਵੇ। ਦੁਆ ਕਰਦੇ ਹਾਂ ਕਿ ਇਹ ਅਦਾਕਾਰਾ ਇੰਝ ਹੀ ਪੰਜਾਬੀ ਮਾਂ-ਬੋਲੀ ਅਤੇ ਸਭਿਆਚਾਰ ਦੀ ਸੇਵਾ ਕਰਦੀ ਰਹੇ।

No comments:

Post a Comment